Loading Raja Warring website...

Punjab Congress President and Ludhiana MP Raja Warring Reaffirms Congress Unity, Expresses Confidence Ahead of 2027 Elections

Press ReleaseLUDHIANA, June 1

ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ: ਵੜਿੰਗ

ਪੀਏਯੂ ਵਿਖੇ ਚੰਨੀ ਦਾ ਕੀਤਾ ਸਵਾਗਤ; ਵਿਸ਼ੇਸ਼ ਗਰਾਂਟ ਲਈ ਸੌਂਪਿਆ ਮੰਗ ਪੱਤਰ

ਨਗਰ ਕੌਂਸਲ ਚੋਣਾਂ ਨਤੀਜਿਆਂ ਨੂੰ ਲੈ ਕੇ ਆਪ ਦੇ ਦਾਅਵਿਆਂ ਉੱਪਰ ਕਸਿਆ ਤੰਜ

ਕਿਹਾ: ਅਸਲ ਮੁਕਾਬਲਾ ਹਾਲੇ ਅੱਗੇ ਪਿਆ ਹੈ

ਟਿੱਪਣੀ: ਕੈਪਟਨ ਅਮਰਿੰਦਰ ਨੂੰ ਸਮਝ ਆ ਗਿਆ ਹੈ ਕਿ ਕਾਂਗਰਸ ਲੋਕਤਾਂਤਰਿਕ ਪਾਰਟੀ ਹੈ, ਜਦਕਿ ਭਾਜਪਾ ਵਿੱਚ ਘੁੱਟਣ ਵਾਲਾ ਮਾਹੌਲ ਹੈ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਵਿੱਚ ਮੁੜ ਸੱਤਾ ਵਿੱਚ ਵਾਪਸੀ ਕਰੇਗੀ।

ਵੜਿੰਗ, ਜਿਹੜੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਵੀ ਹਨ, ਅੱਜ ਇੱਥੇ ਆਪਣੇ ਸਾਥੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲੇ, ਜੋ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਵੀ ਹਨ ਅਤੇ ਪੀਏਯੂ ਦੇ ਦੌਰੇ 'ਤੇ ਆਏ ਵਫ਼ਦ ਦੀ ਅਗਵਾਈ ਕਰ ਰਹੇ ਸਨ।

ਇਸ ਮੌਕੇ ਵੜਿੰਗ ਨੇ ਸਥਾਨਕ ਸੀਨੀਅਰ ਆਗੂਆਂ ਦੇ ਨਾਲ ਪੀਏਯੂ ਕੈਂਪਸ ਵਿੱਚ ਚੰਨੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਨੀ ਨਾ ਸਿਰਫ਼ ਸਥਾਈ ਕਮੇਟੀ ਦੇ ਚੇਅਰਮੈਨ ਹਨ, ਸਗੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਵੀ ਹਨ।

ਉਨ੍ਹਾਂ ਜ਼ੋਰ ਦਿੰਦਿਆਂ, ਕਿਹਾ ਕਿ ਉਹ ਖੁਦ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸਾਰੇ ਆਗੂ ਇਕੱਠੇ ਹਨ ਤੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ।

ਸੂਬਾ ਕਾਂਗਰਸ ਪ੍ਰਧਾਨ ਨੇ ਚੰਨੀ ਨੂੰ ਇੱਕ ਵਿਸਥਾਰ ਸਹਿਤ ਮੰਗ ਪੱਤਰ ਸੌਂਪਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਖੋਜ ਕਾਰਜਾਂ ਵਾਸਤੇ ਯਕਮੁਸ਼ਤ 1000 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਅਤੇ ਇਸ ਤੋਂ ਇਲਾਵਾ, ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗਰਾਂਟ ਦੇਣ ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ ਪੀਏਯੂ ਨੂੰ ਲੰਮੇ ਸਮੇਂ ਤੋਂ ਲੋੜੀਂਦੇ ਫੰਡ ਨਹੀਂ ਮਿਲ ਰਹੇ ਹਨ ਅਤੇ ਕਈ ਵਾਰ ਕਰਮਚਾਰੀਆਂ ਤੇ ਵਿਗਿਆਨੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਿਆਂ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਵਿੱਚ ਪੀਏਯੂ ਦੀ ਅਹਿਮ ਭੂਮਿਕਾ ਰਹੀ ਹੈ, ਕਿਉਂਕਿ ਹਰਿਤ ਕ੍ਰਾਂਤੀ ਦੀ ਸ਼ੁਰੂਆਤ ਇਸੇ ਯੂਨੀਵਰਸਿਟੀ ਤੋਂ ਹੋਈ ਸੀ।

ਜਦਕਿ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਸਬੰਧੀ ਦਾਅਵਿਆਂ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਹਮੇਸ਼ਾ ਸੱਤਾਧਾਰੀ ਪਾਰਟੀ ਇਹ ਚੋਣਾਂ ਜਿੱਤਦੀ ਰਹੀ ਹੈ, ਲੇਕਿਨ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਦਰਅਸਲ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਆਪ ਦਾ ਪ੍ਰਦਰਸ਼ਨ ਕਾਫ਼ੀ ਕਮਜ਼ੋਰ ਰਿਹਾ ਹੈ। ਆਪ ਸਰਕਾਰ ਦੌਰਾਨ ਵਿਰੋਧੀ ਧਿਰ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਰਿਹਾ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ ਕਿ ਕਾਨੂੰਨ-ਵਿਵਸਥਾ, ਨਸ਼ਿਆਂ, ਰੋਜ਼ਗਾਰ ਅਤੇ ਵਿੱਤੀ ਪ੍ਰਬੰਧਨ ਦੇ ਮਾਮਲੇ ਵਿੱਚ ਆਪ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਸੂਬੇ ਨੂੰ ਕਰਜ਼ੇ ਹੇਠ ਦਬਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਕਸੂਰ ਲੋਕਾਂ ਦੇ ਕਤਲ ਹੁਣ ਆਮ ਗੱਲ ਬਣ ਗਏ ਹਨ। ਹਾਲਾਤ ਇੰਨੇ ਮਾੜੇ ਹਨ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲ ਤੱਕ ਡੁੱਬੀ ਹੋਈ ਹੈ ਅਤੇ ਹਰ ਪੰਜਾਬੀ ਇਸਦਾ ਖਮਿਆਜ਼ਾ ਭੁਗਤ ਰਹੇ ਹਨ।

ਇਸੇ ਤਰ੍ਹਾਂ, ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਪੁਲਿਸ ਨਾਲ ਹੋਈ ਝੜਪ ਅਤੇ ਬਾਅਦ ਵਿੱਚ ਮੰਗੀ ਮੁਆਫ਼ੀ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਉਨ੍ਹਾਂ ਨੂੰ “ਮੰਦਬੁੱਧੀ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨਾਲ ਉਲਝਣ ਦੀ ਬਜਾਏ ਬਿੱਟੂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਦੋ ਸਾਲ ਮੰਤਰੀ ਰਹਿ ਕੇ ਉਨ੍ਹਾਂ ਨੇ ਸੂਬੇ ਲਈ ਕੀ ਕੀਤਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਹੈ ਜਾਂ ਫਿਰ ਪੰਜਾਬ ਵਿੱਚ ਕੋਈ ਨਵੀਂ ਰੇਲ ਲਾਈਨ ਵਿਛਾਈ ਹੈ?

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਬਾਰੇ ਕਿ ਕਾਂਗਰਸ ਭਾਜਪਾ ਤੋਂ ਵੱਖਰੀ ਹੈ ਕਿਉਂਕਿ ਉਹ ਹਰ ਕਿਸੇ ਨੂੰ ਭਰੋਸੇ ਵਿੱਚ ਲੈਂਦੀ ਹੈ, ਵੜਿੰਗ ਨੇ ਕਿਹਾ ਕਿ ਫਿਰ ਇਨ੍ਹਾਂ ਨੂੰ ਪਾਰਟੀ ਛੱਡਣ ਦੀ ਲੋੜ ਕਿਉਂ ਪਈ ਸੀ? ਉਨ੍ਹਾਂ ਨੇ ਕਿਹਾ ਕਿ ਹੁਣ ਸ਼ਾਇਦ ਇਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਕਾਂਗਰਸ ਕਿੰਨੀ ਖੁੱਲ੍ਹੀ ਸੋਚ ਵਾਲੀ ਪਾਰਟੀ ਹੈ ਅਤੇ ਭਾਜਪਾ ਵਿੱਚ ਕਿੰਨਾ ਘੁੱਟਣ ਵਾਲਾ ਮਾਹੌਲ ਹੈ।

ਜਦਕਿ ਲੁਧਿਆਣਾ ਦੇ ਸ਼ਾਹੀ ਇਮਾਮ ਵੱਲੋਂ ਈਦ ਦੀ ਨਮਾਜ਼ ਵਿੱਚ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਸਵਾਲ ਚੁੱਕੇ ਜਾਣ ਬਾਰੇ, ਵੜਿੰਗ ਨੇ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਮਸਜਿਦ ਅਤੇ ਇਮਾਮ ਸਾਹਿਬ ਨੂੰ ਮਿਲਦੇ ਰਹਿੰਦੇ ਹਨ, ਪਰ ਈਦ ਵਾਲੇ ਦਿਨ ਉਹ ਹੋਰ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ।

ਇਸ ਮੌਕੇ ਉਨ੍ਹਾਂ ਦੇ ਨਾਲ ਜੱਸੀ ਖੰਗੂੜਾ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਪਵਨ ਦੀਵਾਨ, ਸੰਜੇ ਤਲਵਾੜ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ।