Loading Raja Warring website...

Punjab Congress President and Ludhiana MP Raja Warring Says AAP's Countdown Has Begun, Questions Claims of Honest Governance and Women's Welfare

Press ReleaseCHANDIGARH, June 13

ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ: ਵੜਿੰਗ

ਕਿਹਾ: ਕੇਜਰੀਵਾਲ ਦਿਨ ਵਿਚ ਹੀ ਭਗਵੰਤ ਮਾਨ ਦੇ ਮੁੜ ਚੁਣੇ ਜਾਣ ਦੇ ਸੁਫ਼ਨੇ ਦੇਖ ਰਹੇ ਹਨ

ਦੁਹਰਾਇਆ: ਆਪ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ

ਕਿਹਾ: ਹਰ ਵੇਲੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ

ਆਪ ਉੱਪਰ 1,000 ਰੁਪਏ ਦੀ ਸਹਾਇਤਾ ਦੇਣ ਤੇ ਨਾਮ ਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਮੀਦ ਨਾਲੋ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ।

ਉਨ੍ਹਾਂ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿਨ ਵਿਚ ਹੀ ਭਗਵੰਤ ਮਾਨ ਦੇ ਮੁੜ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ, ਜਦਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪਹਿਲਾਂ ਹੀ ਤੰਗ ਆ ਚੁੱਕੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

ਵੜਿੰਗ ਨੇ ਮੁੜ ਦੋਹਰਾਇਆ ਕਿ ਆਪ ਦੀ ਲੀਡਰਸ਼ਿਪ ਪੰਜਾਬ ਵਿੱਚ ਫਿਰ ਤੋਂ ਸਰਕਾਰ ਬਣਾਉਣ ਦੇ ਖਿਆਲੀ ਪੁਲਾਵ ਪਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੋਂ ਲਿਖਵਾ ਲਵੋ ਕਿ ਸਰਕਾਰ ਬਣਾਉਣ ਦੀ ਗੱਲ ਤਾਂ ਦੂਰ, ਆਪ ਇਸ ਵਾਰ ਦਹਾਈ ਦਾ ਅੰਕੜਾ ਵੀ ਨਹੀਂ ਛੂਹੇਗੀ ਅਤੇ ਹੋ ਸਕਦਾ ਹੈ ਕਿ ਚੋਣਾਂ ਲੜਨ ਲਈ ਇਨ੍ਹਾਂ ਨੂੰ ਲੋੜੀਂਦੇ ਉਮੀਦਵਾਰ ਵੀ ਨਾ ਮਿਲਣ। ਇਨ੍ਹਾਂ ਦੇ ਅੱਧ ਤੋਂ ਵੱਧ ਮੌਜੂਦਾ ਵਿਧਾਇਕ ਡੁੱਬਦੇ ਜਹਾਜ਼ ਤੋਂ ਛਾਲ ਮਾਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਆਪ ਦੀ ਲੀਡਰਸ਼ਿਪ ਇਹ ਸਮਝਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਮੂਰਖ ਬਣਾ ਦੇਵੇਗੀ, ਤਾਂ ਇਹ ਉਸਦੀ ਵੱਡੀ ਭੁੱਲ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ, ਕੁਝ ਲੋਕਾਂ ਨੂੰ ਹਰ ਸਮੇਂ ਅਤੇ ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਹਰ ਸਮੇਂ ਮੂਰਖ ਨਹੀਂ ਬਣਾ ਸਕਦੇ ਹੋ।

ਸੂਬਾ ਕਾਂਗਰਸ ਪ੍ਰਧਾਨ ਨੇ ਆਪ ‘ਤੇ ਪੰਜਾਬ ਦੀਆਂ ਮਹਿਲਾਵਾਂ ਨਾਲ 1,000 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇ ਵਾਅਦੇ ਨੂੰ ਲੈ ਕੇ ਧੋਖਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕੇਜਰੀਵਾਲ ਨੇ ਖੁਦ ਦਾਅਵਾ ਕੀਤਾ ਹੈ ਕਿ ਚੋਣਾਂ ਇਸ ਸਾਲ ਨਵੰਬਰ ਮਹੀਨੇ ਵਿੱਚ ਹੋ ਸਕਦੀਆਂ ਹਨ, ਉਸ ਹਿਸਾਬ ਨਾਲ ਆਪ ਹੁਣ ਪੰਜਾਬ ਦੀਆਂ ਮਹਿਲਾਵਾਂ ਨੂੰ ਕੇਵਲ 3,000 ਰੁਪਏ ਦੇਵੇਗੀ, ਜਦਕਿ ਉਨ੍ਹਾਂ ਨੂੰ 60,000 ਰੁਪਏ ਮਿਲਣੇ ਚਾਹੀਦੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਧੋਖਾ ਹੈ ਅਤੇ ਆਪ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।

ਇਸੇ ਤਰ੍ਹਾਂ, ਵੜਿੰਗ ਨੇ ਕੇਜਰੀਵਾਲ ਦੇ ਇਸ ਦਾਅਵੇ ‘ਤੇ ਵੀ ਤੰਜ ਕੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਤੁਹਾਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਕੋਈ ਅਹਿਸਾਸ ਨਹੀਂ, ਕਿਉਂਕਿ ਇੱਥੇ ਰਿਸ਼ਵਤ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੇ ਦੌਰਾਨ ਭ੍ਰਿਸ਼ਟਾਚਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਕਿ ਕੇਜਰੀਵਾਲ ਇਹ ਐਲਾਨ ਕਿਵੇਂ ਕਰ ਸਕਦੇ ਹਨ ਕਿ ਪੰਜਾਬ ਵਿੱਚ ਚੋਣਾਂ ਤਿੰਨ ਮਹੀਨੇ ਪਹਿਲਾਂ, ਇਸ ਸਾਲ ਨਵੰਬਰ ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਹ ਜਾਣਕਾਰੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਹੀਂ ਆਉਣੀ ਚਾਹੀਦੀ ਸੀ? ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਕੇਜਰੀਵਾਲ ਦਾ ਚੋਣ ਕਮਿਸ਼ਨ ਨਾਲ ਕੋਈ “ਸਿੱਧਾ ਸੰਪਰਕ” ਹੈ, ਜਿਵੇਂ ਇਨ੍ਹਾਂ ਦੀ ਏ-ਟੀਮ ਭਾਜਪਾ ਦਾ ਦੱਸਿਆ ਜਾਂਦਾ ਹੈ।