Loading Raja Warring website...

Punjab Congress President and Ludhiana MP Raja Warring Warns AAP and Officials After Alleged Abduction of Congress Councillors in Qadian

Press ReleaseCHANDIGARH, July 16

ਕਾਦੀਆਂ ਦੀ ਘਟਨਾ ਬੋਲੇ ਵੜਿੰਗ: ਇਹ ਧੱਕੇਸ਼ਾਹੀ ਨਹੀਂ, ਬਲਕਿ ਅਗਵਾ ਕਰਨਾ ਹੈ

ਆਪ ਅਤੇ ਸਾਜ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਦਿੱਤੀ ਸਖ਼ਤ ਚੇਤਾਵਨੀ

ਕਿਹਾ: ਆਪ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਆਪਣੇ ਬਚੇ ਹੋਏ ਦਿਨ ਗਿਣ ਲਵੇ

ਐਲਾਨ: ਸਜ਼ਾ ਦੀ ਯਾਦ ਦਿਵਾਉਣ ਲਈ, ਸਾਰੇ ਦੋਸ਼ੀ ਅਧਿਕਾਰੀਆਂ ਦੇ ਪੋਸਟਰ ਕਾਂਗਰਸ ਭਵਨ ਵਿੱਚ ਲਗਾਏ ਜਾਣਗੇ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਦੀਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਾਂਗਰਸੀ ਕੌਂਸਲਰਾਂ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਇੱਕ ਸਖਤ ਲਹਿਜੇ ਵਾਲੇ ਵੀਡੀਓ ਸੰਦੇਸ਼ ਵਿੱਚ ਵੜਿੰਗ ਨੇ ਕਿਹਾ ਕਿ ਹੁਣ ਤੱਕ ਅਸੀਂ ਧੱਕੇਸ਼ਾਹੀ ਦੇ ਮਾਮਲੇ ਵੇਖਦੇ ਆਏ ਹਾਂ, ਪਰ ਅੱਜ ਜੋ ਕੁਝ ਹੋਇਆ ਉਹ ਸੱਤਾਧਾਰੀ ਪਾਰਟੀ ਵੱਲੋਂ ਨਿਯਮਾਂ ਤਹਿਤ ਚੁਣੇ ਗਏ ਕਾਂਗਰਸੀ ਕੌਂਸਲਰਾਂ ਨੂੰ ਸਿੱਧੇ ਤੌਰ ਤੇ ਅਗ਼ਵਾ ਕਰਨਾ ਹੈ। ਇਹ ਸਰਕਾਰ ਨਹੀਂ, ਸਗੋਂ ਮਾਫੀਆ ਚਲਾ ਰਹੇ ਹਨ। ਇਸ ਦੌਰਾਨ, ਉਨ੍ਹਾਂ ਨੇ ਆਪ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਰਚਣ ਵਾਲੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ, ਕਿਹਾ ਕਿ ਉਹ ਕਾਂਗਰਸ ਦੀ ਸਰਕਾਰ ਆਉਣ ਦੀ ਉਡੀਕ ਕਰਨ ਅਤੇ ਆਪਣੇ ਕੀਤੇ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਸੂਬਾ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉਹਨਾਂ ਸਾਰੇ ਅਧਿਕਾਰੀਆਂ ਦੇ ਪੋਸਟਰ, ਜਿਨ੍ਹਾਂ ਨੇ ਆਪ ਨਾਲ ਮਿਲ ਕੇ ਕਾਂਗਰਸੀ ਕੌਂਸਲਰਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਹੈ, ਕਾਂਗਰਸ ਭਵਨ ਵਿੱਚ ਲਗਾਏ ਜਾਣਗੇ, ਤਾਂ ਜੋ ਇਹ ਹਮੇਸ਼ਾ ਯਾਦ ਰਹੇ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਇਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਸਿਰਫ਼ ਛੇ ਮਹੀਨਿਆਂ ਦੀ ਹੀ ਗੱਲ ਰਹੀ ਗਈ ਹੈ, ਉਸ ਤੋਂ ਬਾਅਦ ਹਰ ਇੱਕ ਅਧਿਕਾਰੀ ਤੋਂ ਉਸ ਦੇ ਕੀਤੇ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਣਗੇ।

ਵੜਿੰਗ ਨੇ ਆਪ ਨੂੰ ਕਿਹਾ ਕਿ ਉਹ ਕੰਧ ਤੇ ਲਿਖਿਆ ਹੋਇਆ ਪੜ੍ਹ ਲਵੇ। ਜੇਕਰ ਅਸੀਂ ਤੁਹਾਡੀ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਮਿਉਂਸੀਪਲ ਚੋਣਾਂ ਵਿੱਚ ਤੁਹਾਨੂੰ ਹਰਾ ਸਕਦੇ ਹਾਂ, ਤਾਂ ਸੋਚੋ ਵਿਧਾਨ ਸਭਾ ਚੋਣਾਂ ਵਿੱਚ ਤੁਹਾਡਾ ਕੀ ਹਾਲ ਹੋਵੇਗਾ, ਜਦੋਂ ਤੁਹਾਡੇ ਕੋਲ ਨਾ ਪ੍ਰਸ਼ਾਸਨ 'ਤੇ ਅਤੇ ਨਾ ਹੀ ਪੁਲਿਸ 'ਤੇ ਕੰਟਰੋਲ ਹੋਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਕੋਈ ਵੀ ਸੱਤਾ ਸਥਾਈ ਨਹੀਂ ਹੁੰਦੀ ਹੈ।

ਵੜਿੰਗ ਨੇ ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸੱਤਾਧਾਰੀ ਆਪ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਦਾ ਸਮੂਹ ਆਗੂ ਅਤੇ ਵਰਕਰ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਆਪ ਦੀ ਅਪਰਾਧਿਕ ਧੱਕੇਸ਼ਾਹੀ ਖ਼ਿਲਾਫ਼ ਇਸ ਲੜਾਈ ਵਿੱਚ ਪੂਰਾ ਸਾਥ ਦੇਣਗੇ। ਅਸੀਂ ਹਰ ਸੰਭਵ ਤਰੀਕੇ ਨਾਲ ਇਹ ਲੜਾਈ ਲੜਾਂਗੇ, ਫਿਰ ਭਾਵੇਂ ਜੋ ਵੀ ਹਾਲਾਤ ਬਣਨ ਅਤੇ ਅੰਤ ਤੱਕ ਇਕੱਠੇ ਹੋ ਕੇ ਲੜਦੇ ਰਹਾਂਗੇ।