Loading Raja Warring website...

Punjab Congress President Raja Warring Asks Bhagwant Mann to Vacate Ministerial Houses from Illegal Occupants, Demands Penal Rent

Press ReleaseCHANDIGARH, September 26

ਵੜਿੰਗ ਨੇ ਮਾਨ ਨੂੰ ਮੰਤਰੀਆਂ ਦੀਆਂ ਕੋਠੀਆਂ ਨੂੰ ਗੈਰ-ਕਾਨੂੰਨੀ ਕਬਜ਼ਾਕਾਰਾਂ ਤੋਂ ਖਾਲੀ ਕਰਵਾਉਣ ਲਈ ਕਿਹਾ

ਪਹਿਲਾਂ ਵਾਂਗ ਕਬਜ਼ਾਕਾਰਾਂ 'ਤੇ ਜੁਰਮਾਨਾ ਕਿਰਾਇਆ ਲਾਉਣ ਦੀ ਕੀਤੀ ਗਈ ਮੰਗ

ਰਾਜਸਥਾਨ ਦੀ ‘ਆਪ’ ਆਗੂ ਵੱਲੋਂ ਵਰਤੀ ਗਈ ਇਤਰਾਜ਼ਯੋਗ ਭਾਸ਼ਾ 'ਤੇ ਜਤਾਇਆ ਸਖ਼ਤ ਇਤਰਾਜ਼

ਮਾਨ ਦੇ ਦਿੱਲੀ ਹਾਈਕਮਾਂਡ ਅੱਗੇ ਕੀਤੇ ਗਏ ਮੁਕੰਮਲ ਆਤਮ ਸਮਰਪਣ 'ਤੇ ਪ੍ਰਗਟਾਇਆ ਅਫ਼ਸੋਸ

ਚੰਡੀਗੜ੍ਹ, 26 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਤਰੀਆਂ ਦੀਆਂ ਸਾਰੀਆਂ ਕੋਠੀਆਂ ਗੈਰ-ਕਾਨੂੰਨੀ ਕਬਜ਼ਾਕਾਰਾਂ ਤੋਂ ਤੁਰੰਤ ਖਾਲੀ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਪਿਛਲੇ ਮਾਮਲਿਆਂ ਵਾਂਗ ਸਰਕਾਰ ਨੂੰ ਇਹਨਾਂ ਕਬਜ਼ਾਕਾਰਾਂ ਤੋਂ ਜੁਰਮਾਨਾ ਕਿਰਾਇਆ ਵਸੂਲਣਾ ਚਾਹੀਦਾ ਹੈ।

ਵੜਿੰਗ ਨੇ ਆਮ ਆਦਮੀ ਪਾਰਟੀ ਦੀ ਆਗੂ ਗਾਇਤਰੀ ਬਿਸ਼ਨੋਈ ਵੱਲੋਂ ਵਰਤੀ ਗਈ ਮਾੜੀ ਅਤੇ ਇਤਰਾਜ਼ਯੋਗ ਭਾਸ਼ਾ 'ਤੇ ਵੀ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਬਿਲਕੁਲ ਨਾ-ਬਰਦਾਸ਼ਤਯੋਗ ਹੈ ਅਤੇ ਪੰਜਾਬੀ ਅਜਿਹੀ ਬਦਸਲੂਕੀ ਨੂੰ ਨਾ ਕਦੇ ਭੁੱਲਣਗੇ ਤੇ ਨਾ ਹੀ ਮੁਆਫ਼ ਕਰਨਗੇ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਸਾਰੇ ਘਟਨਾਕ੍ਰਮ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਅਫ਼ਸੋਸ ਪ੍ਰਗਟਾਇਆ ਕਿ ਉਹ ਦਿੱਲੀ ਦੇ ਹਾਕਮਾਂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਚੁੱਕੇ ਹਨ ਅਤੇ ਪੰਜਾਬ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਸਵਾਲ ਕੀਤਾ, "ਅਜਿਹੇ ਲੋਕਾਂ ਨੂੰ ਮੰਤਰੀਆਂ ਦੀਆਂ ਕੋਠੀਆਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਅਤੇ ਅਧਿਕਾਰ ਕਿਸ ਨੇ ਦਿੱਤਾ, ਜਦਕਿ ਜਿਨ੍ਹਾਂ ਮੰਤਰੀਆਂ ਦੇ ਨਾਂ 'ਤੇ ਇਹ ਕੋਠੀਆਂ ਅਲਾਟ ਹੋਈਆਂ ਹਨ, ਉਹ ਬਾਹਰ ਰਹਿਣ ਲਈ ਮਜਬੂਰ ਹਨ?"

ਉਨ੍ਹਾਂ ਕਿਹਾ ਕਿ ਇਹ ਸਭ ਪਹਿਲੇ ਦਿਨ ਤੋਂ ਹੀ ਚੱਲ ਰਿਹਾ ਹੈ, ਜਦੋਂ ਉਸ ਸਮੇਂ ਦੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਕਿ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਨੂੰ ਚੰਡੀਗੜ੍ਹ ਵਿੱਚ 50 ਨੰਬਰ ਕੋਠੀ ਅਲਾਟ ਕੀਤੀ ਗਈ ਸੀ। ਉਨ੍ਹਾਂ ਉਦੈਪੁਰ ਵਿੱਚ ਚੱਢਾ ਦੇ ਵਿਆਹ ਦੌਰਾਨ ਸੈਂਕੜੇ ਪੰਜਾਬ ਪੁਲਿਸ ਮੁਲਾਜ਼ਮਾਂ ਅਤੇ ਗੱਡੀਆਂ ਦੀ ਤਾਇਨਾਤੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ, "ਉਦੈਪੁਰ ਵਿੱਚ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਅੰਨ੍ਹੇਵਾਹ ਬਰਬਾਦੀ ਕੀਤੀ ਗਈ ਸੀ।"

ਉਨ੍ਹਾਂ ਕਿਹਾ ਕਿ ਨਾ ਸਿਰਫ਼ ਚੱਢਾ ਨੂੰ ਚੰਡੀਗੜ੍ਹ ਵਿੱਚ ਇੱਕ ਆਲੀਸ਼ਾਨ ਕੋਠੀ ਦਿੱਤੀ ਗਈ ਸੀ, ਸਗੋਂ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਦੀ ਇੱਕ ਪੂਰੀ ਮੰਜ਼ਿਲ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਨਾਂ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂਆਂ ਦੇ ਨਿੱਜੀ ਸਹਾਇਕਾਂ ਨੂੰ ਮੰਤਰੀਆਂ ਵਾਲੇ ਸੂਟ ਅਲਾਟ ਕੀਤੇ ਗਏ ਸਨ। ਇਸ ਤੋਂ ਇਲਾਵਾ, ਜਦੋਂ ਵੱਖ-ਵੱਖ ਰਾਜਾਂ ਤੋਂ ‘ਆਪ’ ਆਗੂ ਅਤੇ ਵਰਕਰ ਦਿੱਲੀ ਵਿੱਚ ਚੋਣ ਪ੍ਰਚਾਰ ਲਈ ਆਉਂਦੇ ਸਨ, ਤਾਂ ਉਨ੍ਹਾਂ ਲਈ ਪੰਜਾਬ ਭਵਨ ਦੇ ਦੋਵਾਂ ਬਲਾਕਾਂ ਦੇ ਬਾਕੀ ਕਮਰੇ ਅਲਾਟ ਕੀਤੇ ਜਾਂਦੇ ਸਨ।

ਸੂਬਾ ਕਾਂਗਰਸ ਪ੍ਰਧਾਨ ਨੇ ਪੁੱਛਿਆ ਕਿ ਗਾਇਤਰੀ ਬਿਸ਼ਨੋਈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੰਡੀਗੜ੍ਹ ਵਿੱਚ ਕਿਸ ਨਿਯਮ ਤਹਿਤ ਮੰਤਰੀਆਂ ਵਾਲੀ ਕੋਠੀ ਅਲਾਟ ਕੀਤੀ ਗਈ ਹੈ? ਉਨ੍ਹਾਂ ਕਿਹਾ ਕਿ ਜੇਕਰ ਇਹ ਕੋਠੀ ਉਨ੍ਹਾਂ ਦੇ ਪਿਤਾ ਦੇ ਇਲਾਜ ਲਈ ਦਿੱਤੀ ਗਈ ਹੈ, ਤਾਂ ਪੰਜਾਬ ਦੇ ਅਜਿਹੇ ਕਿੰਨੇ ਲੋਕ ਹਨ ਜੋ ਚੰਡੀਗੜ੍ਹ ਇਲਾਜ ਲਈ ਆਉਂਦੇ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਕੋਠੀਆਂ ਅਲਾਟ ਕੀਤੀਆਂ ਜਾਂਦੀਆਂ ਹਨ?

ਮੁੱਖ ਮੰਤਰੀ ਮਾਨ ਵੱਲ ਸਿੱਧਾ ਸਵਾਲ ਦਾਗ਼ਦਿਆਂ ਵੜਿੰਗ ਨੇ ਪੁੱਛਿਆ, "ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀ ਕਿ ਪੰਜਾਬ ਦੇ ਆਪਣੇ ਮੰਤਰੀਆਂ ਨੂੰ ਅਲਾਟ ਕੀਤੀਆਂ ਕੋਠੀਆਂ ਵਿੱਚ ਰਹਿਣ ਨਾ ਦਿੱਤਾ ਜਾਵੇ ਅਤੇ ਬਾਹਰਲੇ ਲੋਕਾਂ ਨੂੰ ਇਹਨਾਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ?"

ਉਨ੍ਹਾਂ ਗੈਰ-ਕਾਨੂੰਨੀ ਕਬਜ਼ੇ ਹੇਠ ਆਈਆਂ ਕਈ ਕੋਠੀਆਂ ਦੀ ਸੂਚੀ ਉਨ੍ਹਾਂ ਦੇ ਨੰਬਰਾਂ ਸਮੇਤ ਜਾਰੀ ਕੀਤੀ। ਇਨ੍ਹਾਂ ਵਿੱਚ ਦੀਪਕ ਚੌਹਾਨ ਕੋਲ ਕੋਠੀ ਨੰਬਰ 902, ਕਮਲ ਬਾਂਸਲ ਕੋਲ 925, ਅਨੁਰਾਗ ਕੁੰਡੂ ਕੋਲ 919, ਸਤਿੰਦਰ ਜੈਨ ਕੋਲ 926 ਜੋ ਕਿ ਹੁਣ ਖਾਲੀ ਹੈ, ਆਦਿਲ ਖ਼ਾਨ ਕੋਲ 927, ਸ਼ੈਂਟੀ ਸਿੰਘ ਕੋਲ 928, ਜਰਨੈਲ ਸਿੰਘ ਕੋਲ 931, ਮਨੀਸ਼ ਸਿਸੋਦੀਆ ਕੋਲ 963, ਗਾਇਤਰੀ ਤੇ ਉਨ੍ਹਾਂ ਦੇ ਮਾਪਿਆਂ ਕੋਲ 961, ਮਨੀਸ਼ ਸਿਸੋਦੀਆ ਦੀ ਟੀਮ ਕੋਲ 964 ਅਤੇ 'ਆਪ' ਦੇ ਦਫ਼ਤਰ ਵਜੋਂ ਕੋਠੀ ਨੰਬਰ 965 ਸ਼ਾਮਲ ਹਨ। ਉਨ੍ਹਾਂ ਉਜਾਗਰ ਕੀਤਾ ਕਿ ਇਹ ਲੋਕ ਨਾ ਸਿਰਫ਼ ਇਹਨਾਂ ਕੋਠੀਆਂ 'ਤੇ ਕਬਜ਼ਾ ਕਰਨ ਦੇ ਅਧਿਕਾਰਤ ਨਹੀਂ ਹਨ, ਸਗੋਂ ਇਹ ਸਾਰੇ ਪੰਜਾਬ ਤੋਂ ਬਾਹਰਲੇ ਹਨ।

ਉਨ੍ਹਾਂ ਕਿਹਾ ਕਿ ਸਿਰਫ਼ ਇਹੀ ਕੋਠੀਆਂ ਹੀ ਨਹੀਂ, ਸਗੋਂ ਨਵੀਂ ਦਿੱਲੀ ਸਥਿਤ ਕਪੂਰਥਲਾ ਹਾਊਸ ਅਤੇ ਨਾਭਾ ਹਾਊਸ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਇਹੀ ਹਾਲ ਸਰਕਟ ਹਾਊਸਾਂ ਦਾ ਵੀ ਹੈ। ਉਨ੍ਹਾਂ ਕਿਹਾ, "ਇਹ ਸਿਰਫ਼ ਦੁਰਵਰਤੋਂ ਹੀ ਨਹੀਂ, ਸਗੋਂ ਸ਼ਰੇਆਮ ਲੁੱਟ ਹੈ ਅਤੇ ਅਜਿਹਾ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਹੋਇਆ।"