Loading Raja Warring website...

Punjab Congress President Raja Warring Raises Questions Over AAP Securing Civic Posts Despite Congress Majority in Kapurthala and Chamkaur Sahib

Press Release9 July, Chandigarh

ਲੋਕਾਂ ਦੇ ਫ਼ਤਵੇ ਦੀ ਹੋਈ ਲੁੱਟ, ਲੋਕਤੰਤਰ ਨਾਲ ਹੋਇਆ ਸਮਝੌਤਾ

ਆਪ ਦੇਵੇ ਜਵਾਬ, ਉਸਨੇ ਜਨਤਾ ਦਾ ਫ਼ਤਵਾ ਹਾਰਨ ਦੇ ਬਾਵਜੂਦ 'ਆਪ' ਨੇ ਅਹੁਦੇ ਕਿਵੇਂ ਹਾਸਲ ਕੀਤੇ: ਰਾਜਾ ਵੜਿੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਪੂਰਥਲਾ ਵਿੱਚ ਮੇਅਰ ਅਤੇ ਸ਼੍ਰੀ ਚਮਕੌਰ ਸਾਹਿਬ ਵਿੱਚ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ 'ਤੇ ਆਮ ਆਦਮੀ ਪਾਰਟੀ ਵੱਲੋਂ ਕਬਜ਼ਾ ਕਰਨ ਦੇ ਤਰੀਕੇ ਦੀ ਸਖ਼ਤ ਨਿੰਦਾ ਕੀਤੀ ਹੈ, ਜਦਕਿ ਲੋਕਾਂ ਨੇ ਸਪੱਸ਼ਟ ਤੌਰ 'ਤੇ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਮਿਉਂਸੀਪਲ ਚੋਣਾਂ ਦੌਰਾਨ ਕਾਂਗਰਸ ਦੇ ਹੱਕ ਵਿੱਚ ਨਿਰਣਾਇਕ ਫ਼ਤਵਾ ਦਿੱਤਾ ਸੀ, ਲੇਕਿਨ ਆਪ ਨੇ ਇੱਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਤੰਤਰੀ ਫ਼ਤਵੇ ਦਾ ਸਨਮਾਨ ਕਰਨ ਦੀ ਬਜਾਏ ਸਿਆਸੀ ਜੋੜ-ਤੋੜ 'ਤੇ ਭਰੋਸਾ ਰੱਖਦੀ ਹੈ।

ਇਸ ਲੜੀ ਹੇਠ, ਕਪੂਰਥਲਾ ਨਗਰ ਨਿਗਮ ਵਿੱਚ ਕਾਂਗਰਸ ਨੇ 50 ਵਿੱਚੋਂ 31 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਜਦਕਿ 'ਆਪ' ਨੂੰ ਸਿਰਫ਼ 11 ਸੀਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ 3, ਭਾਜਪਾ ਨੇ 3 ਅਤੇ 2 ਸੀਟਾਂ ਹੋਰ/ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ। ਇਸ ਸਪੱਸ਼ਟ ਬਹੁਮਤ ਦੇ ਬਾਵਜੂਦ 'ਆਪ' ਨੇ ਚੋਣਾਂ ਤੋਂ ਬਾਅਦ ਦੀ ਸਿਆਸੀ ਜੋੜ-ਤੋੜ ਰਾਹੀਂ ਮੇਅਰ ਦਾ ਅਹੁਦਾ ਹਾਸਲ ਕਰ ਲਿਆ, ਜਿਸ ਨਾਲ ਲੋਕਤੰਤਰੀ ਸੰਸਥਾਵਾਂ ਦੀ ਪਵਿੱਤਰਤਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

ਇਸੇ ਤਰ੍ਹਾਂ, ਸ਼੍ਰੀ ਚਮਕੌਰ ਸਾਹਿਬ ਨਗਰ ਕੌਂਸਲ ਵਿੱਚ ਕਾਂਗਰਸ 13 ਵਿੱਚੋਂ 7 ਵਾਰਡ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਜਦਕਿ 'ਆਪ' ਨੂੰ ਸਿਰਫ਼ 3 ਵਾਰਡ ਮਿਲੇ ਸਨ ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ। ਇਸਦੇ ਬਾਵਜੂਦ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ 'ਆਪ' ਦੇ ਹਿੱਸੇ ਚਲਾ ਗਿਆ, ਜੋ ਲੋਕਾਂ ਦੇ ਫ਼ਤਵੇ ਦੀ ਸਿੱਧੀ ਅਣਦੇਖੀ ਹੈ।

ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਲੀਡਰਸ਼ਿਪ ਨੂੰ ਸਵਾਲ ਕਰਦਿਆਂ ਕਿਹਾ:

ਜੇਕਰ ਸਭ ਕੁਝ ਨਿਰਪੱਖ ਢੰਗ ਨਾਲ ਹੋਇਆ ਹੈ, ਤਾਂ ਇੱਕ ਸਧਾਰਨ ਸਵਾਲ ਦਾ ਜਵਾਬ ਦਿਓ ਕਿ ਜਦੋਂ ਲੋਕਾਂ ਨੇ ਭਾਰੀ ਬਹੁਮਤ ਨਾਲ ਕਾਂਗਰਸ ਦੇ ਹੱਕ ਵਿੱਚ ਵੋਟ ਪਾਈ ਸੀ, ਤਾਂ 'ਆਪ' ਇਨ੍ਹਾਂ ਸਿਖਰਲੇ ਅਹੁਦਿਆਂ ਤੱਕ ਕਿਵੇਂ ਪਹੁੰਚ ਗਈ? ਕੀ ਇਹੀ ਉਹ 'ਬਦਲਾਅ' ਹੈ ਜਿਸਦਾ ਵਾਅਦਾ 'ਆਪ' ਨੇ ਕੀਤਾ ਸੀ, ਜਾਂ ਫਿਰ ਇਹ ਲੋਕਤੰਤਰ ਉੱਪਰ ਖੁੱਲ੍ਹਾ ਹਮਲਾ ਹੈ?

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਲੋਕਤੰਤਰ ਸਿਰਫ਼ ਚੋਣਾਂ ਕਰਵਾਉਣਾ ਨਹੀਂ ਹੈ, ਸਗੋਂ ਲੋਕਾਂ ਦੇ ਫ਼ਤਵੇ ਦਾ ਸਨਮਾਨ ਕਰਨ ਦਾ ਨਾਮ ਹੈ। ਚੋਣਾਂ ਹਾਰਨ ਤੋਂ ਬਾਅਦ ਸੰਵਿਧਾਨਕ ਅਹੁਦਿਆਂ 'ਤੇ ਕਬਜ਼ਾ ਕਰਨਾ ਵੋਟਰਾਂ ਦੇ ਭਰੋਸੇ ਨਾਲ ਧੋਖਾ ਕਰਨ ਦੇ ਬਰਾਬਰ ਹੈ।

ਪੰਜਾਬ ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਹੈ ਕਿ 'ਆਪ' ਨੇ ਵਾਰ-ਵਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਫ਼ਤਵੇ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਹੈ, ਬਜਾਏ ਇਸਦੇ ਕਿ ਉਹ ਚੋਣਾਂ ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦੀ। ਅਜਿਹੀਆਂ ਕਾਰਵਾਈਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਲੋਕਾਂ ਦਾ ਚੁਣੀਆਂ ਹੋਈਆਂ ਸੰਸਥਾਵਾਂ ਤੋਂ ਭਰੋਸਾ ਡਗਮਗਾਉਂਦੀਆਂ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਦਾ ਪਰਦਾਫ਼ਾਸ਼ ਕਰਦੀ ਰਹੇਗੀ ਅਤੇ ਪੰਜਾਬ ਦੇ ਲੋਕਾਂ ਦੇ ਫ਼ਤਵੇ ਦੀ ਰੱਖਿਆ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵੋਟ ਕਾਂਗਰਸ ਨੂੰ ਦਿੱਤੀ ਸੀ, ਪਰ ਕੁਰਸੀ 'ਆਪ' ਨੇ ਹਾਸਲ ਕਰ ਲਈ। ਪੰਜਾਬ ਦੇ ਲੋਕ ਇਸਦਾ ਜਵਾਬ ਚਾਹੁੰਦੇ ਹਨ। ਲੋਕਤੰਤਰ ਨੂੰ ਚੋਣਾਂ ਤੋਂ ਬਾਅਦ ਦੀ ਜੋੜ-ਤੋੜ ਅਤੇ ਸਿਆਸੀ ਇੰਜੀਨੀਅਰਿੰਗ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।