'ਹਰ ਬੂਥ, ਕਾਂਗਰਸ ਮਜ਼ਬੂਤ'–ਸ਼੍ਰੀ ਮੁਕਤਸਰ ਸਾਹਿਬ
ਕਾਂਗਰਸ ਨੇ ਭਗਵੰਤ ਮਾਨ 'ਤੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੇ ਲਗਾਏ ਦੋਸ਼
ਕਾਂਗਰਸ ਦੇ ਪ੍ਰੋਗਰਾਮਾਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨਾਲ ਘਬਰਾਈ ਆਪ ਸਰਕਾਰ: ਬਘੇਲ
ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ; ਕਾਂਗਰਸੀ ਵਜੋਂ ਹੀ ਜੀਵਾਂਗਾ ਤੇ ਮਰਾਂਗਾ: ਵੜਿੰਗ
ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਏਆਈਸੀਸੀ ਜਨਰਲ ਸਕੱਤਰ ਪੰਜਾਬ ਕਾਂਗਰਸ ਇੰਚਾਰਜ਼ ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਦੇ ਪ੍ਰੋਗਰਾਮਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੱਤਾਧਾਰੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਕਿਹਾ ਕਿ ਪਹਿਲੇ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਲੇਕਿਨ ਜਦੋਂ ਸਰਕਾਰ ਨੇ ਦੇਖਿਆ ਕਿ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ, ਤਾਂ ਉਸਨੇ ਆਪਣੇ ਲੋਕ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਭੇਜ ਕੇ ਵਿਘਨ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਕਾਂਗਰਸ ਦੇ ਜਨਰਲ ਸਕੱਤਰ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਲਾਘਾ ਕਰਦਿਆਂ, ਕਿਹਾ ਕਿ ਜਦੋਂ ਪਾਰਟੀ 80 ਤੋਂ ਘਟ ਕੇ ਸਿਰਫ਼ 18 ਸੀਟਾਂ 'ਤੇ ਆ ਗਈ ਸੀ, ਉਸ ਮੁਸ਼ਕਲ ਸਮੇਂ ਰਾਹੁਲ ਗਾਂਧੀ ਨੇ ਪਾਰਟੀ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਸੀ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੂੰ ਪਾਰਟੀ ਦੇ ਬਾਹਰੋਂ ਵੀ ਅਤੇ ਅੰਦਰੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ। ਸਿਰਫ਼ ਪੰਜਾਬ ਹੀ ਨਹੀਂ, ਸੂਬੇ ਤੋਂ ਬਾਹਰ ਦੇ ਲੋਕ ਵੀ ਮੰਨਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਦੀ ਵਾਪਸੀ ਹੋਣ ਵਾਲੀ ਹੈ ਅਤੇ ਦੇਸ਼ ਵਿੱਚ ਕਾਂਗਰਸ ਦੀ ਜਿੱਤ ਦਾ ਪਹੀਆ ਪੰਜਾਬ ਤੋਂ ਹੀ ਘੁੰਮਣਾ ਸ਼ੁਰੂ ਹੋਵੇਗਾ।
ਬਘੇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਾਫੀਆ ਰਾਜ ਕਾਇਮ ਕਰ ਦਿੱਤਾ ਹੈ ਅਤੇ ਸੂਬੇ ਨੂੰ ਭਾਰੀ ਕਰਜ਼ੇ ਹੇਠ ਡੁੱਬੋ ਦਿੱਤਾ ਹੈ। ਇਸ ਲੜੀ ਹੇਠ, ਸਿਰਫ਼ ਕਾਂਗਰਸ ਹੀ ਆਪ ਸਰਕਾਰ ਤੋਂ ਪੰਜਾਬ ਨੂੰ ਛੁਟਕਾਰਾ ਦਿਵਾ ਕੇ ਇੱਕ ਬਿਹਤਰ ਸਰਕਾਰ ਦੇ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਵਾਰਿਸ ਪੰਜਾਬ ਦੇ ਵਰਗੀਆਂ ਬਾਹਰੀ ਤਾਕਤਾਂ ਨਾਲ ਹੀ ਨਹੀਂ, ਸਗੋਂ ਰਾਹੁਲ ਗਾਂਧੀ ਵੱਲੋਂ ਚੇਤਾਵਨੀ ਹੇਠ ਦਰਸਾਏ ਗਏ ਪਾਰਟੀ ਦੇ ਅੰਦਰਲੇ “ਸਲੀਪਿੰਗ ਸੈੱਲਾਂ” ਨਾਲ ਵੀ ਲੜਨਾ ਪਵੇਗਾ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪਾਰਟੀ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਜੱਦੀ ਸ਼ਹਿਰ ਵਿੱਚ ਦਿਲੋਂ ਅਤੇ ਭਾਵੁਕ ਸੰਬੋਧਨ ਕਰਦਿਆਂ, ਕਿਹਾ ਕਿ ਉਨ੍ਹਾਂ ਦੀ ਜਾਨ ਦੇ ਪਿੱਛੇ ਹਰ ਕੋਈ ਪਿਆ ਹੋਇਆ ਹੈ। ਅਕਾਲੀ, ਭਾਜਪਾ, ਝਾੜੂ ਵਾਲੇ ਅਤੇ ਸਾਡੇ ਆਪਣੇ ਕੁਝ ਲੋਕ ਵੀ ਉਨ੍ਹਾਂ ਦੇ ਪਿੱਛੇ ਪਏ ਹੋਏ ਹਨ। ਜਦਕਿ ਉਨ੍ਹਾਂ ਨੇ ਕੋਈ ਪਾਪ ਨਹੀਂ ਕੀਤਾ ਹੈ। ਉਨ੍ਹਾਂ ਦਾ ਇੱਕੋ-ਇੱਕ ਕਸੂਰ ਇਹ ਹੈ ਕਿ ਜਦੋਂ ਪਾਰਟੀ 80 ਤੋਂ 18 ਸੀਟਾਂ 'ਤੇ ਆ ਗਈ, ਤਾਂ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ ਸੀ।
ਇਸ ਦੌਰਾਨ ਉਨ੍ਹਾਂ ਨੇ ਗਿੱਦੜਬਾਹਾ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ, ਕਿਹਾ ਕਿ ਇਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ। ਉਹ ਮਾਲਵਾ ਖੇਤਰ ਦੇ 69 ਵਿਧਾਇਕਾਂ ਵਿੱਚੋਂ ਜਿੱਤੇ ਕਾਂਗਰਸ ਦੇ ਸਿਰਫ਼ ਦੋ ਵਿਧਾਇਕਾਂ ਵਿੱਚੋਂ ਇੱਕ ਸਨ। ਜਦੋਂ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਵੀ ਚੋਣ ਹਾਰ ਗਏ ਸਨ, ਉਸ ਵੇਲੇ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਸੀ। ਉਹ ਇਹ ਅਹਿਸਾਨ ਕਦੇ ਨਹੀਂ ਭੁੱਲ ਸਕਦੇ ਹਨ। ਜਿਸ 'ਤੇ ਹਾਜ਼ਰ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਜਦੋਂ ਪਾਰਟੀ ਦੇ ਵਰਕਰਾਂ ਦਾ ਹੌਂਸਲਾ ਡਗਮਗਾਇਆ ਹੋਇਆ ਸੀ ਅਤੇ ਕੁਝ ਆਗੂ ਮਹੀਨਿਆਂ ਤੱਕ ਵਿਦੇਸ਼ਾਂ ਵਿੱਚ ਰਹਿਣਾ ਹੀ ਬਿਹਤਰ ਸਮਝਦੇ ਸਨ, ਉਸ ਸਮੇਂ ਉਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਖੁਦ ਅਗਵਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣ ਦੇ ਬਾਵਜੂਦ ਪਾਰਟੀ ਨੂੰ ਸਿਰਫ਼ 8 ਲੋਕ ਸਭਾ ਸੀਟਾਂ ਜਿਤਾ ਸਕੇ, ਉੱਥੇ ਉਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਵਜੋਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ ਪਾਰਟੀ ਨੂੰ 7 ਸੀਟਾਂ ਜਿਤਾਈਆਂ ਸਨ।
ਵੜਿੰਗ ਨੇ ਕਾਂਗਰਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ, ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਕਾਂਗਰਸ ਛੱਡਣ ਨਾਲੋਂ ਉਹ ਸਿਆਸਤ ਤੋਂ ਸੰਨਿਆਸ ਲੈਣਾ ਬਿਹਤਰ ਸਮਝਣਗੇ। ਰਾਹੁਲ ਗਾਂਧੀ ਵੀ ਜਾਣਦੇ ਹਨ ਕਿ ਰਾਜਾ ਵੜਿੰਗ ਮਰ ਸਕਦਾ ਹੈ, ਪਰ ਭਾਜਪਾ ਨਾਲ ਕਦੇ ਸਮਝੌਤਾ ਨਹੀਂ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਡੀ ਵਾਪਸੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦਾ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ। ਜਦਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਲੋਕ ਛੇਤੀ ਤੋਂ ਛੇਤੀ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।